ਲੁਧਿਆਣਾ : ਮਹਾਨਗਰ ਦੇ ਕੁਝ ਸਪਾ ਸੈਂਟਰਾਂ 'ਤੇ ਪੁਲਸ ਦੀ ਛਾਪੇਮਾਰੀ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਪੁਲਸ ਨੇ ਮਾਡਲ ਟਾਊਨ, ਸਰਾਭਾ ਨਗਰ ਅਤੇ ਦੁੱਗਰੀ ਇਲਾਕੇ 'ਚ ਸਥਿਤ ਅੱਧੀ ਦਰਜਨ ਦੇ ਕਰੀਬ ਸਪਾ ਸੈਂਟਰਾਂ 'ਤੇ ਛਾਪੇਮਾਰੀ ਕਰਕੇ ਕਈ ਨੌਜਵਾਨ ਲੜਕੇ-ਲੜਕੀਆਂ ਨੂੰ ਮਸਤੀ ਕਰਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਿਸ ਦੀ ਛਾਪੇਮਾਰੀ ਹੁੰਦਿਆਂ ਹੀ ਸਪਾ ਸੈਂਟਰਾਂ ਵਿਚ ਭਗਦੜ ਮੱਚ ਗਈ ਅਤੇ ਕਈ ਨੌਜਵਾਨ ਲੜਕੇ-ਲੜਕੀਆਂ ਨੂੰ ਮੂੰਹ ਲੁਕੋ ਕੇ ਦੇਖਿਆ ਗਿਆ ਅਤੇ ਕਈ ਸਪਾ ਮਾਲਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ | ਜਾਣਕਾਰੀ ਮੁਤਾਬਕ ਪੁਲਸ ਨੇ ਹੈਂਡਸ ਆਫ ਗੋਲਡ, ਸਪਾ ਕਿੰਗਡਮ ਅਤੇ ਵ੍ਹਾਈਟ ਹੈਵਨ ਸਪਾ ਸੈਂਟਰ ਸਮੇਤ ਅੱਧੀ ਦਰਜਨ ਦੇ ਕਰੀਬ ਸਪਾ ਸੈਂਟਰਾਂ 'ਤੇ ਛਾਪੇਮਾਰੀ ਕਰਕੇ ਉਥੋਂ ਕਈ ਨੌਜਵਾਨ ਲੜਕੇ-ਲੜਕੀਆਂ ਨੂੰ ਹਿਰਾਸਤ 'ਚ ਲਿਆ ਹੈ।ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਪਾ ਸੈਂਟਰਾਂ ਦੀ ਆੜ 'ਚ ਲੜਕੀਆਂ ਦੀ ਆਨਲਾਈਨ ਬੁਕਿੰਗ ਕਰਵਾ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ, ਜਿਸ ਦੀ ਸ਼ਿਕਾਇਤ ਇਲਾਕਾ ਵਾਸੀਆਂ ਨੇ ਪੁਲਸ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਹਰਕਤ 'ਚ ਆ ਕੇ ਉਕਤ ਸਪਾ 'ਤੇ ਛਾਪਾ ਮਾਰਿਆ। ਅੱਜ ਬਹੁਤ ਸਾਰੇ ਨੌਜਵਾਨ ਮਰਦਾਂ ਅਤੇ ਔਰਤਾਂ ਨੂੰ ਇਹਨਾਂ ਸੈਂਟਰਾਂ ਤੋਂ ਕਾਬੂ ਕੀਤਾ ਗਿਆ ਹੈ।