ਆਮ ਆਦਮੀ ਪਾਰਟੀ (AAP) ਨੂੰ ਵੱਡਾ ਝਟਕਾ ਤਦ ਲੱਗਾ ਜਦੋਂ ਪਾਰਟੀ ਦੀ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਵਿਸ਼ੇਸ਼ ਸਨਮਾਨ ਨਾਲ ਸ਼ਾਮਲ ਕੀਤਾ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤੇ ਜਾਣ ਦੀ ਗਾਰੰਟੀ ਦਿੱਤੀ।
AAP ਵਲੋਂ ਕੁਝ ਦਿਨ ਪਹਿਲਾਂ ਪ੍ਰੀਤੀ ਮਲਹੋਤਰਾ ਨੂੰ ਉਨ੍ਹਾਂ ਦੇ ਬਿਆਨਾਂ ਅਤੇ ਪਾਰਟੀ ਅੰਦਰ ਚਾਪਲੂਸੀ ਵਿਰੁੱਧ ਆਵਾਜ਼ ਉਠਾਉਣ ਕਰਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੀ ਥਾਂ ਅਮਨਦੀਪ ਕੌਰ ਨੂੰ ਵਧੀਕ ਕਾਰਜਭਾਰ ਸੌਂਪ ਦਿੱਤਾ ਗਿਆ। ਇਹ ਫੈਸਲਾ ਪ੍ਰੀਤੀ ਮਲਹੋਤਰਾ ਵਲੋਂ ਪਾਰਟੀ ਅਤੇ ਸਰਕਾਰ ਦੀਆਂ ਨੀਤੀਆਂ 'ਤੇ ਸਿੱਧੇ ਸਵਾਲ ਉਠਾਉਣ ਤੋਂ ਬਾਅਦ ਆਇਆ।
ਪ੍ਰੀਤੀ ਨੇ ਆਪਣੀ ਨਾਰਾਜ਼ਗੀ ਸੋਸ਼ਲ ਮੀਡੀਆ ਰਾਹੀਂ ਜਾਹਿਰ ਕੀਤੀ ਅਤੇ ਇਲਜ਼ਾਮ ਲਾਇਆ ਕਿ AAP ਸਰਕਾਰ ਆਪਣੇ ਦਲ ਦੇ ਮਿਹਨਤੀ ਵਰਕਰਾਂ ਨੂੰ ਅਣਦੇਖਾ ਕਰ ਕੇ ਦੂਜੀਆਂ ਪਾਰਟੀਆਂ ਤੋਂ ਆਏ ਵਿਅਕਤੀਆਂ ਨੂੰ ਅਹੁਦੇ ਦਿੰਦੀ ਹੈ। ਉਸ ਨੇ ਇਸ ਗੱਲ ਦਾ ਵੀ ਖਦਸ਼ਾ ਜਤਾਇਆ ਸੀ ਕਿ ਉਹ ਜਾਂ ਤਾਂ ਹਟਾਈ ਜਾਵੇਗੀ ਜਾਂ ਫ਼ਰਜ਼ੀ ਕੇਸਾਂ ਵਿੱਚ ਫਸਾਈ ਜਾ ਸਕਦੀ ਹੈ।
ਇਸ ਨਾਰਾਜ਼ਗੀ ਦੇ ਤਹਿਤ, ਪ੍ਰੀਤੀ ਮਲਹੋਤਰਾ ਨੇ ਪਟਿਆਲਾ ਦੇ ਦੁੱਖ ਨਿਵਾਰਨ ਹਾਲ ਬਾਹਰ ਧਰਨਾ ਦਿੱਤਾ, ਜਿਸ ਵਿੱਚ ਕਈ ਹੋਰ AAP ਅਹੁਦੇਦਾਰ ਵੀ ਉਨ੍ਹਾਂ ਦੇ ਹੱਕ ’ਚ ਬੈਠੇ ਦੇਖੇ ਗਏ। ਇਸ ਧਰਨੇ ਦੌਰਾਨ ਉਨ੍ਹਾਂ ਨੇ ਸਿੱਧੇ ਤੌਰ 'ਤੇ ਸਰਕਾਰ ਤੇ ਆਲੋਚਨਾ ਕਰਦਿਆਂ ਕਿਹਾ ਕਿ ਪਾਰਟੀ ਦੇ ਸੱਚੇ ਵਰਕਰਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਵੀ AAP ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਪੰਜਾਬ ਕਰਜ਼ੇ ਦੇ ਦਲਦਲ 'ਚ ਫਸ ਰਿਹਾ ਹੈ, ਮੁਲਾਜ਼ਮ ਤਨਖਾਹਾਂ ਲਈ ਤਰਸ ਰਹੇ ਹਨ ਅਤੇ ਬਾਹਰਲੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਇਸ ਤਰ੍ਹਾਂ ਪ੍ਰੀਤੀ ਮਲਹੋਤਰਾ ਦੇ ਇਸ ਕਦਮ ਨਾਲ ਸਿਆਸੀ ਮਾਹੌਲ ਵਿੱਚ ਨਵੀਂ ਗਰਮਾਹਟ ਆ ਗਈ ਹੈ।