ਸ਼ਾਹਕੋਟ, 11 ਜੂਨ - ਸ਼ਾਹਕੋਟ ਪੁਲਿਸ ਨੇ ਨਾਕਾਬੰਦੀ ਦੌਰਾਨ ਨਾਜਾਇਜ਼ ਹਥਿਆਰਾਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਪੁਲਿਸ ਕਪਤਾਨ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਕਾਰਵਾਈ ਥਾਣਾ ਸ਼ਾਹਕੋਟ ਦੇ ਮੁੱਖ ਅਫਸਰ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਅਤੇ ASI ਅੰਗਰੇਜ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕੀਤੀ ਗਈ। ਪੁਲਿਸ ਨੇ ਮੁਲਜ਼ਮ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ ਪੁੱਤਰ ਸਿਮਰਜੀਤ ਸਿੰਘ ਵਾਸੀ ਪਿੰਡ ਬਿੱਲੀ ਚਾਊ (ਨਕੋਦਰ) ਨੂੰ I-20 ਕਾਰ ਨੰਬਰ PB-06-AH-4626 ਸਮੇਤ ਰੋਕ ਕੇ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ।
ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਕੋਲੋਂ ਇਕ ਦੇਸੀ ਪਿਸਟਲ 7.65 MM, ਇਕ ਜ਼ਿੰਦਾ ਕਾਰਤੂਸ, ਇਕ ਖਾਲੀ ਖੋਲ੍ਹ, ਇਕ ਹੋਰ ਦੇਸੀ ਕੱਟਾ 315 ਬੋਰ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਵੱਲੋਂ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਹ ਨਾਜਾਇਜ਼ ਹਥਿਆਰ ਕਿਥੋਂ ਲੈ ਕੇ ਆਇਆ ਸੀ ਅਤੇ ਕਿਸ ਮਕਸਦ ਨਾਲ ਵਰਤਣ ਵਾਲਾ ਸੀ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।