ਬਟਾਲਾ ਦੇ ਉਮਰਪੁਰਾ ਇਲਾਕੇ ਵਿੱਚ ਗੁਜਰਾਤ ਗੈਸ ਦੀ ਅੰਡਰਗ੍ਰਾਊਂਡ ਪਾਈਪ ਲੀਕ ਹੋਣ ਕਾਰਨ ਗੰਭੀਰ ਹਾਦਸਾ ਵਾਪਰਿਆ, ਜਿਸ ਵਿੱਚ ਦੋ ਬੱਚਿਆਂ ਸਮੇਤ ਚਾਰ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ, ਇੱਕ ਨਿੱਜੀ ਮੋਬਾਈਲ ਕੰਪਨੀ ਵੱਲੋਂ ਤਾਰਾਂ ਪਾਉਣ ਲਈ ਜਦੋਂ ਜ਼ਮੀਨ ਵਿੱਚ ਖੁਦਾਈ ਕੀਤੀ ਜਾ ਰਹੀ ਸੀ, ਤਾਂ ਡਰਿਲ ਮਸ਼ੀਨ ਗੈਸ ਪਾਈਪ ਨਾਲ ਟਕਰਾ ਗਈ, ਜਿਸ ਨਾਲ ਲੀਕੇਜ ਹੋਣ ਲੱਗੀ।
ਲੀਕ ਹੋਈ ਗੈਸ ਨੇ ਨੇੜੇ ਦੇ ਇੱਕ ਦੇਸੀ ਸੀਵਰ ਰਾਹੀਂ ਲੀਕ ਹੋ ਕੇ ਇੱਕ ਹਾਰਡਵੇਅਰ ਦੀ ਦੁਕਾਨ ਦੇ ਏਸੀ ਤਕ ਪਹੁੰਚ ਕੇ ਅੱਗ ਲਾ ਦਿੱਤੀ। ਅੱਗ ਇਨੀ ਤੇਜ਼ੀ ਨਾਲ ਫੈਲੀ ਕਿ ਦੁਕਾਨ ਮਾਲਕ, ਇਕ ਹੋਰ ਵਿਅਕਤੀ ਅਤੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ।
ਐਸ.ਡੀ.ਐੱਮ ਬਿਕਰਮਜੀਤ ਸਿੰਘ ਅਤੇ ਡੀ.ਐੱਸ.ਪੀ ਸੰਜੀਵ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਉਨ੍ਹਾਂ ਅਨੁਮਾਨ ਲਾਇਆ ਕਿ ਸ਼ਾਇਦ ਏਸੀ ਵਿੱਚ ਸਪਾਰਕਿੰਗ ਜਾਂ ਉਸ ਦੀ ਆਪਣੀ ਗੈਸ ਲੀਕ ਹੋਣ ਕਰਕੇ ਹਾਦਸਾ ਹੋਇਆ।