ਚੰਡੀਗੜ੍ਹ - ਹਰਿਆਣਾ ਦੇ ਭਿਵਾਨੀ ਦੀ ਮਹਿਲਾ ਅਧਿਆਪਕਾ ਮਨੀਸ਼ਾ ਦੀ ਮੌਤ ਦੀ ਸੀਬੀਆਈ ਜਾਂਚ ਹੋਵੇਗੀ। ਸੀਐਮ ਨਾਇਬ ਸੈਣੀ ਨੇ ਕਿਹਾ ਕਿ ਪਰਿਵਾਰ ਦੀ ਮੰਗ 'ਤੇ ਜਾਂਚ ਸੀਬੀਆਈ ਨੂੰ ਸੌਂਪੀ ਜਾ ਰਹੀ ਹੈ।ਇਸ ਤੋਂ ਇਲਾਵਾ, ਪ੍ਰਸ਼ਾਸਨ ਨੇ ਮਨੀਸ਼ਾ ਦਾ ਪੋਸਟਮਾਰਟਮ ਤੀਜੀ ਵਾਰ ਦਿੱਲੀ ਏਮਜ਼ ਵਿੱਚ ਕਰਵਾਉਣ ਦੀ ਮੰਗ ਨੂੰ ਵੀ ਸਵੀਕਾਰ ਕਰ ਲਿਆ।
ਹਾਲਾਂਕਿ, ਪਿੰਡ ਵਾਸੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਪਹਿਲਾਂ ਏਮਜ਼ ਦੇ ਡਾਕਟਰ ਮਨੀਸ਼ਾ ਦੀ ਲਾਸ਼ ਤੋਂ ਨਮੂਨੇ ਲੈਣ, ਉਸ ਤੋਂ ਬਾਅਦ ਹੀ ਲਾਸ਼ ਨੂੰ ਹਸਪਤਾਲ ਤੋਂ ਲਿਆ ਕੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਸ ਤੋਂ ਬਾਅਦ ਪਿੰਡ ਵਿੱਚ ਮੌਜੂਦ ਕਿਸਾਨ ਆਗੂ ਸੁਰੇਸ਼ ਕੌਥ ਨੇ ਪੁਸ਼ਟੀ ਕੀਤੀ ਕਿ ਪ੍ਰਸ਼ਾਸਨ ਮਨੀਸ਼ਾ ਦੀ ਲਾਸ਼ ਦੇ ਦੁਬਾਰਾ ਨਮੂਨੇ ਲਵੇਗਾ। ਉਨ੍ਹਾਂ ਨੂੰ ਇਸ ਸਬੰਧੀ ਲੋਹਾਰੂ ਦੇ ਐਸਡੀਐਮ ਦਾ ਫੋਨ ਆਇਆ ਹੈ।ਲੋਹਾਰੂ ਦੇ ਐਸਡੀਐਮ ਮਨੋਜ ਦਲਾਲ ਨੇ ਪੁਸ਼ਟੀ ਕੀਤੀ ਕਿ ਮਨੀਸ਼ਾ ਦਾ ਨਵਾਂ ਸੈਂਪਲ ਲਿਆ ਜਾਵੇਗਾ ਅਤੇ ਜਾਂਚ ਲਈ ਏਮਜ਼ ਭੇਜਿਆ ਜਾਵੇਗਾ।
ਇਸ ਤੋਂ ਪਹਿਲਾਂ, ਮਨੀਸ਼ਾ ਦਾ ਪੋਸਟਮਾਰਟਮ ਭਿਵਾਨੀ ਸਰਕਾਰੀ ਹਸਪਤਾਲ ਅਤੇ ਰੋਹਤਕ ਪੀਜੀਆਈ ਵਿੱਚ ਕੀਤਾ ਗਿਆ ਸੀ। ਜਿਸ ਵਿੱਚ ਕਤਲ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਇਸਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ ਸੀ। ਮਨੀਸ਼ਾ ਦੇ ਪਿਤਾ ਸੰਜੇ ਨੇ ਕਿਹਾ ਕਈ"ਜੇਕਰ ਸਰਕਾਰ ਜਾਂਚ ਸੀਬੀਆਈ ਨੂੰ ਸੌਂਪ ਦਿੰਦੀ ਹੈ ਅਤੇ ਏਮਜ਼ ਤੋਂ ਪੋਸਟਮਾਰਟਮ ਦੇ ਸਬੂਤ ਮੁਹੱਈਆ ਕਰਵਾ ਦਿੰਦੀ ਹੈ, ਤਾਂ ਅਸੀਂ ਵਿਰੋਧ ਪ੍ਰਦਰਸ਼ਨ ਖਤਮ ਕਰ ਦੇਵਾਂਗੇ। ਮੇਰੇ 'ਤੇ ਕੋਈ ਦਬਾਅ ਨਹੀਂ ਹੈ।"