ਪੰਜਾਬ ਵਿਚ ਹੜ੍ਹਾਂ ਦੇ ਕਾਰਨ ਹਾਲਾਤ ਦਿਨੋਂ-ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਖੇਤਾਂ ਤੋਂ ਲੈ ਕੇ ਘਰਾਂ ਤੱਕ ਸਭ ਕੁਝ ਪਾਣੀ ਹੇਠ ਆ ਗਿਆ ਹੈ। ਹੁਣ ਤੱਕ ਦਰਜਨਾਂ ਜਾਨਾਂ ਜਾ ਚੁੱਕੀਆਂ ਹਨ ਅਤੇ ਬੇਹਿਸਾਬ ਪਸ਼ੂ ਤੇ ਸੰਪਤੀ ਦਾ ਨੁਕਸਾਨ ਹੋਇਆ ਹੈ। ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਇਸ ਗੰਭੀਰ ਸਥਿਤੀ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਗੇ ਆਏ ਹਨ। ਉਨ੍ਹਾਂ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਸੰਸਦੀ ਵਿਕਾਸ ਫੰਡ ਵਿਚੋਂ ਕੁੱਲ 3.25 ਕਰੋੜ ਰੁਪਏ ਰਾਹਤ ਕਾਰਜਾਂ ਲਈ ਦੇ ਰਹੇ ਹਨ।
ਇਸ ਰਕਮ ਵਿੱਚੋਂ 2.75 ਕਰੋੜ ਰੁਪਏ ਹੜ੍ਹ-ਸੁਰੱਖਿਆ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਤੇ ਖਰਚੇ ਜਾਣਗੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਨੂੰ ਇਸ ਤਰ੍ਹਾਂ ਦੀ ਤਬਾਹੀ ਤੋਂ ਬਚਾਇਆ ਜਾ ਸਕੇ। ਬਾਕੀ ਦੇ 50 ਲੱਖ ਰੁਪਏ ਸਿੱਧੇ ਰਾਹਤ ਤੇ ਪੁਨਰਵਾਸ ਲਈ ਵਰਤੇ ਜਾਣਗੇ। ਰਾਘਵ ਚੱਢਾ ਨੇ ਕਿਹਾ ਕਿ ਇਹ ਪੈਸਾ ਪੰਜਾਬ ਦੇ ਲੋਕਾਂ ਦਾ ਹੈ ਅਤੇ ਇਹ ਪੰਜਾਬ ਦੀ ਭਲਾਈ ਲਈ ਹੀ ਵਰਤਿਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁਸ਼ਕਲ ਵੇਲੇ ਵਿੱਚ ਉਹ ਪੰਜਾਬ ਦੇ ਹਰ ਇਕ ਪਰਿਵਾਰ ਦੇ ਨਾਲ ਖੜ੍ਹੇ ਹਨ।