ਪੰਜਾਬ ਵਿੱਚ ਲਗਾਤਾਰ ਪੈ ਰਹੀਆਂ ਭਾਰੀ ਵਰਖਾਵਾਂ ਨੇ ਕਈ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ। ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਮੋੜ ਨਾਭਾ ਦੀ ਜਾਨੀ ਪੱਤੀ ‘ਚ ਇਕ ਗਰੀਬ ਮਜ਼ਦੂਰ ਪਰਿਵਾਰ ਉੱਤੇ ਵੱਡਾ ਕਹਿਰ ਟੁੱਟਿਆ। ਰਾਤ ਦੇ ਸਮੇਂ ਅਚਾਨਕ ਘਰ ਦੀ ਛੱਤ ਢਹਿ ਗਈ ਜਿਸ ਕਾਰਨ ਪਰਿਵਾਰਿਕ ਖੁਸ਼ੀਆਂ ਮੌਤ ਦੇ ਸਾਇਆ ਹੇਠ ਆ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਅੱਧੀ ਰਾਤ ਦੇ ਕਰੀਬ 12 ਵਜੇ ਛੱਤ ਡਿੱਗਣ ਨਾਲ 65 ਸਾਲਾ ਕਰਨੈਲ ਸਿੰਘ ਅਤੇ ਉਸ ਦੀ ਪਤਨੀ 60 ਸਾਲਾ ਨਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਰ ਅੰਦਰ ਸੁੱਤਾ ਉਹਨਾਂ ਦਾ 12 ਸਾਲਾ ਪੋਤਾ ਮਹਿਕਦੀਪ ਸਿੰਘ ਗੰਭੀਰ ਜ਼ਖਮੀ ਹੋਇਆ, ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਦੌਰਾਨ ਮ੍ਰਿਤਕ ਦਾ ਪੁੱਤ ਕੁਲਵੰਤ ਸਿੰਘ ਵੀ ਮਲਬੇ ਹੇਠ ਆ ਕੇ ਜ਼ਖਮੀ ਹੋ ਗਿਆ।
ਇਹ ਪਰਿਵਾਰ ਰੋਜ਼ੀ-ਰੋਟੀ ਲਈ ਦਿਹਾੜੀਦਾਰ ਮਜ਼ਦੂਰੀ ਕਰਦਾ ਸੀ ਅਤੇ ਕਿਸੇ ਤਰ੍ਹਾਂ ਘਰ ਚਲਾਉਂਦਾ ਸੀ। ਭਾਰੀ ਬਰਸਾਤ ਕਾਰਨ ਵਾਪਰੀ ਇਸ ਦੁੱਖਦਾਈ ਘਟਨਾ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਕੀ ਪਰਿਵਾਰ ਦੀ ਸਹਾਇਤਾ ਲਈ ਆਰਥਿਕ ਮੁਆਵਜ਼ਾ ਜਾਰੀ ਕੀਤਾ ਜਾਵੇ, ਤਾਂ ਜੋ ਉਹ ਆਪਣੇ ਜੀਵਨ ਦਾ ਗੁਜ਼ਾਰਾ ਕਰ ਸਕਣ।
ਇਸ ਘਟਨਾ ਨਾਲ ਜੁੜੇ ਹੋਰ ਮਸਲੇ ਵੀ ਸਾਹਮਣੇ ਆਏ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਛੱਪੜਾਂ ਉੱਤੇ ਨਾਜਾਇਜ਼ ਕਬਜ਼ੇ ਹੋਣ ਕਾਰਨ ਵਰਖਾ ਦਾ ਪਾਣੀ ਘਰਾਂ ਅਤੇ ਗਲੀਆਂ ਵਿੱਚ ਵੜਦਾ ਹੈ। ਇਸ ਕਾਰਨ ਲੋਕਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਕਰਕੇ ਛੱਪੜਾਂ ਵਿੱਚੋਂ ਕਬਜ਼ੇ ਖਾਲੀ ਕਰਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਵੱਡੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪ੍ਰਭਾਵਿਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ।