ਮੋਗਾ ਦੇ ਸਿਵਲ ਹਸਪਤਾਲ ਵਿੱਚ ਦਿਵਾਲੀ ਦੀ ਰਾਤ ਇੱਕ ਵੱਡੀ ਚੋਰੀ ਦਾ ਖੁਲਾਸਾ ਹੋਇਆ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ, ਅਣਜਾਣ ਚੋਰਾਂ ਨੇ ਹਸਪਤਾਲ ਦੇ ਮੈਡੀਸਨ ਰੂਮ ਵਿੱਚੋਂ ਲਗਭਗ 11,000 ਬਿਊਪਰੇਨੋਰਫਾਈਨ 0.2 ਐਮਜੀ ਗੋਲੀਆਂ ਚੋਰੀ ਕਰ ਲਈਆਂ। ਇਹ ਚੋਰੀ ਲੱਖਾਂ ਰੁਪਏ ਦੀ ਦਵਾਈ ਦੀ ਹੈ।
ਜਾਂਚ ਦੇ ਅਨੁਸਾਰ ਚੋਰਾਂ ਨੇ ਇੱਕ ਖਿੜਕੀ ਰਾਹੀਂ ਸਟੋਰ ਰੂਮ ਵਿੱਚ ਦਾਖਲ ਹੋ ਕੇ ਸਟੋਰ ਰੂਮ ਦੀ ਅਲਮਾਰੀ ਤੋੜੀ ਅਤੇ ਸਿਰਫ਼ ਬਿਊਪਰੇਨੋਰਫਾਈਨ ਗੋਲੀਆਂ ਚੁਰੀਆਂ। ਇਹ ਦਵਾਈ ਨਸ਼ੇ ਦੇ ਆਦੀ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ ਅਤੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਨੂੰ ਸਪਲਾਈ ਕੀਤੀ ਜਾਂਦੀ ਹੈ।
ਇਹ ਚੋਰੀ 20 ਅਕਤੂਬਰ ਦੀ ਰਾਤ ਨੂੰ ਵਾਪਰੀ, ਜਦੋਂ ਸਵੇਰ ਨੂੰ ਸਟੋਰ ਖੋਲ੍ਹਿਆ ਗਿਆ, ਤਦ ਇਹ ਘਟਨਾ ਸਾਹਮਣੇ ਆਈ। ਦਵਾਈ ਸਟੋਰ ਇੰਚਾਰਜ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੇ ਮੋਗਾ ਦੇ ਡੀਐਸਪੀ ਸਿਟੀ ਅਤੇ ਸਿਟੀ ਸਾਊਥ ਪੁਲਿਸ ਸਟੇਸ਼ਨ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਇੱਕ ਮਹੀਨਾ ਪਹਿਲਾਂ ਹੀ ਹਸਪਤਾਲ ਦੇ ਏਐਨਐਮ ਸਕੂਲ ਦੇ ਹਾਲ ਵਿੱਚ ਚੱਲ ਰਹੇ ਮੈਡੀਕਲ ਸਟੋਰ ਨੂੰ ਖਸਤਾ ਹਾਲਤ ਬਿਲਡਿੰਗ ਤੋਂ ਸਿਫਟ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਚੋਰੀ ਸੁਚੱਜੇ ਅਤੇ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ। ਸ਼ੱਕੀ ਦੀ ਪਛਾਣ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਜਾਂਚੀ ਜਾ ਰਹੀ ਹੈ।
ਮੋਗਾ ਸਿਟੀ ਸਾਊਥ ਦੇ ਐਸਐਚਓ ਨੇ ਦੱਸਿਆ ਕਿ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਲਦੀ ਹੀ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

