ਮੋਗਾ : ਅੱਜ ਮੋਗਾ-ਲੁਧਿਆਣਾ ਰੋਡ ’ਤੇ ਬੁੱਘੀਪੁਰਾ ਚੌਕ ਨੇੜੇ ਇੱਕ ਤੇਜ਼ ਰਫ਼ਤਾਰ ਬੱਸ ਅਤੇ ਇੱਕ ਈ-ਰਿਕਸ਼ਾ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ ਈ-ਰਿਕਸ਼ਾ ਚਾਲਕ ਸਮੇਤ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਮੋਗਾ ਜਾਣਕਾਰੀ ਅਨੁਸਾਰ ਈ-ਰਿਕਸ਼ਾ ਚਾਲਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਨੱਥੂਵਾਲਾ ਗਰਬੀ ਆਪਣੇ ਈ-ਰਿਕਸ਼ਾ 'ਤੇ ਵਿਜੇ ਸ਼ੰਕਰ ਵਾਸੀ ਮਹਾਰਾਸ਼ਟਰ ਹਾਲ ਆਬਾਦ ਪਿੰਡ ਨੱਥੂਵਾਲਾ ਗਰਬੀ ਅਤੇ ਰਾਜਵਿੰਦਰ ਕੌਰ ਵਾਸੀ ਪਿੰਡ ਮੀਹਣਾ ਨਾਲ ਮੋਗਾ ਆ ਰਿਹਾ ਸੀ।
ਜਦੋਂ ਉਹ ਰੌਲੀ ਰੋਡ ਨੇੜੇ ਪਹੁੰਚਿਆ ਤਾਂ ਚੰਡੀਗੜ੍ਹ ਤੋਂ ਮੋਗਾ ਆ ਰਹੀ ਤੇਜ਼ ਰਫ਼ਤਾਰ ਬੱਸ ਦੇ ਡਰਾਈਵਰ ਨੇ ਉਸ ਦੇ ਈ-ਰਿਕਸ਼ਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਤਿੰਨੋਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਸ 'ਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਅਤੇ ਐਂਬੂਲੈਂਸ ਨੂੰ ਬੁਲਾਇਆ। ਈ-ਰਿਕਸ਼ਾ ਚਾਲਕ ਗੁਰਪ੍ਰੀਤ ਸਿੰਘ ਪੋਲੀਓ ਤੋਂ ਪੀੜਤ ਦੱਸਿਆ ਜਾਂਦਾ ਹੈ, ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਹਿਣਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ 'ਚ ਮਦਦ ਕੀਤੀ।

