ਵਿਧਾਨ ਸਭਾ ਹਲਕਾ 021-ਤਰਨਤਾਰਨ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੰਜਾਬ ਦੇ ਆਬਕਾਰੀ ਕਮਿਸ਼ਨਰ ਨੇ ਅਹਿਮ ਹੁਕਮ ਜਾਰੀ ਕੀਤੇ ਹਨ। ਇਸ ਤਹਿਤ ਪੋਲਿੰਗ ਅਤੇ ਗਿਣਤੀ ਵਾਲੇ ਦਿਨ ਸ਼ਰਾਬ ਦੀ ਵਿਕਰੀ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ, ਜਿਸ ਨੂੰ 'ਡਰਾਈ ਡੇਅ' ਐਲਾਨਿਆ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ (ਡੀ.ਸੀ.) ਰਾਹੁਲ (ਆਈ.ਏ.ਐੱਸ.) ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਾਬੰਦੀ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਨਾਲ-ਨਾਲ ਇਸ ਦੇ ਆਸ-ਪਾਸ ਦੇ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਵੀ ਲਾਗੂ ਹੋਵੇਗੀ।
ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਦਾ ਸਮਾਂ:
- ਪੋਲਿੰਗ ਲਈ: 9 ਨਵੰਬਰ ਸ਼ਾਮ 6 ਵਜੇ ਤੋਂ ਸ਼ੁਰੂ ਹੋ ਕੇ 11 ਨਵੰਬਰ ਸ਼ਾਮ 6 ਵਜੇ ਤੱਕ।
- ਗਿਣਤੀ ਵਾਲੇ ਦਿਨ: 14 ਨਵੰਬਰ ਨੂੰ ਪੂਰੇ ਦਿਨ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਸਮੇਂ ਦੀ ਨਜ਼ਾਕਤ ਅਤੇ ਚੋਣਾਂ ਦੀ ਪਵਿੱਤਰਤਾ ਬਣਾਈ ਰੱਖਣ ਲਈ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਅਤੇ ਇੱਕਤਰਫ਼ਾ ਜਾਰੀ ਕੀਤੇ ਗਏ ਹਨ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਸ ਸਮੇਂ ਦੌਰਾਨ ਸਾਰੇ ਸ਼ਰਾਬ ਦੇ ਠੇਕੇ ਅਤੇ ਵਿਕਰੀ ਕੇਂਦਰ ਪੂਰੀ ਤਰ੍ਹਾਂ ਬੰਦ ਰਹਿਣਗੇ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

